ਸਰ ਫ਼ਰਾਂਸਿਸ ਬੇਕਨ ਸੋਲ੍ਹਵੀਂ ਸਦੀ ਵਿਚ ਇੰਗਲੈਂਡ ਦਾ ਮਹਾਨ ਨਿਬੰਧਕਾਰ ਹੋਇਆ ਹੈ । ਆਪਣੇ ਜੀਵਨ ਵਿਚ ਅਨੇਕਾਂ ਉਲਝਣਾਂ ਅਤੇ ਵਿਰੋਧਤਾਵਾਂ ਦੇ ਬਾਵਜੂਦ ਉਸਨੇ ਦੁਨੀਆਂ ਦੇ ਨਿਬੰਧਕਾਰਾਂ ਵਿਚ ਇਕ ਵੱਖਰੀ ਤੇ ਸਜੀਲੀ ਸ਼ੈਲੀ ਦੀ ਖੋਜ ਕੀਤੀ ਹੈ । ਬੇਕਨ ਦੇ ਲੇਖਾਂ ਵਿਚ ਮਨੁੱਖੀ ਜੀਵਨ ਦੇ ਅਨੇਕਾਂ ਰੂਪਾਂ ਰਾਜਨੀਤੀ, ਅਰਥ ਸ਼ਾਸਤਰ, ਧਰਮ, ਪਿਆਰ, ਵਿਆਹ, ਮਿੱਤਰਤਾ, ਸਿੱਖਿਆ ਤੇ ਯਾਤਰਾ ਆਦਿ ਬਾਰੇ ਗੱਲਾਂ ਕੀਤੀਆਂ ਹਨ । ਬੇਕਨ ਦੇ ਕਹਿਣ ਅਨੁਸਾਰ, “ਇਹ ਮਨੁੱਖ ਦੇ ਕਾਰਜਾਂ ਅਤੇ ਪਿਆਰਾਂ ਬਾਰੇ ਗੱਲਾਂ ਕਰਦੇ ਹਨ ।” ਇਨ੍ਹਾਂ ਲੇਖਾਂ ਵਿਚ ਬੁੱਧੀਮਤਾ ਅਤੇ ਅਨੁਭਵਾਂ ਦੀ ਭਰਮਾਰ ਹੈ । ਬੇਕਨ ਦੇ ਲੇਖਾਂ ਦੇ ਬਹੁਤੇ ਵਾਕ ਅੱਜ ਮੁਹਾਵਰੇ ਬਣ ਗਏ ਹਨ । ਇਸੇ ਲਈ ਪੰਜ ਸੌ ਵਰ੍ਹੇ ਬਾਅਦ ਵੀ ਉਸਦੇ ਲੇਖਾਂ ਨੂੰ ਲੱਜ਼ਤ ਅਤੇ ਅਨੰਦ ਨਾਲ ਪੜ੍ਹਿਆ ਜਾਂਦਾ ਹੈ ।