ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਉਸ ਮਨੁੱਖ ਦੀ ਉਸਾਰੀ ਕਰਨਾ ਹੈ, ਜਿਸ ਦੀਆਂ ਬਾਹਵਾਂ ਵਿਚ ਸਾਰਾ ਸੰਸਾਰ ਆ ਸਕੇ, ਜਿਸ ਦੇ ਇਰਾਦੇ ਉੱਚੇ, ਕਰਤਵ ਸੁੱਚੇ, ਤੱਕਣੀ ਵਿਸ਼ਾਲ ਅਤੇ ਸੋਚਾਂ ਡੂੰਘੀਆਂ ਹੋਣ, ਜਿਹੜਾ ਰਾਹ ਵਿਚ ਰੱਬ ਦੇ ਅਚਾਨਕ ਮਿਲ ਪੈਣ ਉੱਤੇ ਉਸ ਨਾਲ ਮੁਸਕਰਾ ਕੇ ਹੱਥ ਮਿਲਾ ਸਕੇ, ਜਿਸ ਦੀਆਂ ਅੱਖਾਂ ਵਿਚ ਨਵੇਂ ਗਿਆਨ ਦੇ ਸੁਰਮੇ ਦੀ ਚਮਕ ਹੋਵੇ, ਜਿਸ ਦੇ ਦਿਲ-ਦਿਮਾਗ ਦੇ ਬੂਹੇ-ਬਾਰੀਆਂ ਖੁੱਲ੍ਹੇ ਹੋਣ, ਜਿਸ ਦੇ ਪੈਰ ਧਰਤੀ ਤੇ ਹੋਣ ਪਰ ਸਿਰ ਤਾਰਿਆਂ ਵਿਚ ਹੋਵੇ, ਜਿਹੜਾ ਜੰਗ ਦੇ ਮੈਦਾਨ ਵਿਚ ਵੀ ਆਪਣੀ ਤਲਵਾਰ ਨਿਹੱਥੇ ਵਿਰੋਧੀ ਨੂੰ ਤੋਹਫੇ ਵੱਜੋਂ ਦੇ ਸਕੇ, ਜਿਸ ਵਿਚ ਦੂਜਿਆਂ ਦੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਦਲੇਰੀ ਅਤੇ ਅਸਹਿਮਤ ਹੋਣ ਦਾ ਸਲੀਕਾ ਹੋਵੇ ।