ਬਾਬਾ ਬੰਦਾ ਸਿੰਘ ਬਹਾਦਰ ਸਿੱਖ-ਪੰਥ ਦੇ ਐਸੇ ਸੂਰਬੀਰ ਯੋਧੇ ਜਰਨੈਲ ਹੋਏ ਹਨ ਜਿਨ੍ਹਾਂ ਨੇ ਦਸਮੇਸ਼ ਪਿਤਾ ਜੀ ਤੋਂ ਥਾਪੜਾ ਪ੍ਰਾਪਤ ਕਰ, ਅਤਿਆਚਾਰੀ ਹਾਕਮਾਂ ਤੇ ਉਨ੍ਹਾਂ ਦੇ ਟੁਕੜਬੋਚਾਂ ਨੂੰ ਢੁੱਕਵੀਆਂ ਸਜ਼ਾਵਾਂ ਦਿੱਤੀਆਂ। ਬਾਬਾ ਜੀ ਨੇ ਗੁਰੂ ਸਾਹਿਬਾਨ ਦਾ ਖਾਲਸਾ ਰਾਜ ਸਥਾਪਤ ਕੀਤਾ। ਗੁਰੂ ਸਾਹਿਬਾਨ ਦੇ ਪਵਿੱਤਰ ਨਾਮ ਦਾ ਸਿੱਕਾ ਜਾਰੀ ਕੀਤਾ। ਓੜਕ ਅਸੀਮ ਹੌਂਸਲਾ ਅਤੇ ਦ੍ਰਿੜ੍ਹਤਾ ਕਾਇਮ ਰੱਖਦਿਆਂ ਆਪਾ ਕੁਰਬਾਨ ਕਰ ਦਿੱਤਾ। ਬਾਬਾ ਜੀ ਨੇ ਆਪਣੀ ਸ਼ਹੀਦੀ ਵੇਲੇ ਜਿਸ ਅਡੋਲਤਾ ਦਾ ਪ੍ਰਗਟਾਵਾ ਕੀਤਾ ਉਹ ਆਉਣ ਵਾਲੇ ਸਿੱਖ ਸ਼ਹੀਦਾਂ ਲਈ ਪ੍ਰੇਰਨਾ ਦਾ ਇਕ ਸ੍ਰੋਤ ਬਣਿਆ। ਐਸੇ ਅਦੁੱਤੀ ਗੁਰਸਿੱਖ ਜਰਨੈਲ ਦਾ ਜੀਵਨ-ਬਿਰਤਾਂਤ ਸਿੱਖ ਸੰਗਤਾਂ ਅਤੇ ਸਰਬ ਸਾਧਾਰਨ ਪਾਠਕਾਂ ਤੱਕ ਸਚਿੱਤਰ ਰੂਪ ’ਚ ਮੁੜ ਛਾਪ ਕੇ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਪੁਸਤਕ ਬਾਬਾ ਜੀ ਦੇ ਜੀਵਨ ਤੇ ਵਿਅਕਤਿਤਵ ਸੰਬੰਧੀ ਸਿੱਖ-ਸੰਗਤਾਂ ਤੇ ਸਰਬ-ਸਾਧਾਰਨ ਪਾਠਕਾਂ ਨੂੰ ਸਹੀ ਤੱਥ ਦਰਸਾਉਂਦੀ ਹੋਈ ਇਸ ਅਦੁੱਤੀ ਸੂਰਬੀਰ ਜਰਨੈਲ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਵਧਾਉਣ ’ਚ ਸਹਾਈ ਹੋਵੇਗੀ।