ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਨ ਬਾਅਦ ਪੰਜਾਬ ਦੇ ਸਭਿਆਚਾਰ ਨੂੰ ਸਮਝਣ ਲਈ ਸੰਨ 1869 ਵਿੱਚ ਜਰਮਨ ਮਿਸ਼ਨਰੀ ਮਿਸਟਰ ਟ੍ਰੰਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦਾ ਕਾਰਜ ਸੌਂਪਿਆ, ਜਿਸਨੇ ਸੰਨ 1877 ਵਿੱਚ ‘ਆਦਿ ਗ੍ਰੰਥ’ ਨਾਂ ਅਧੀਨ ਚੋਣਵੀਆਂ ਬਾਣੀਆਂ ਦਾ ਅਨੁਵਾਦ ਕੀਤਾ ਤੇ ਭੂਮਿਕਾ ਵਿੱਚ ਸਿੱਖ ਧਰਮ ਬਾਰੇ ਗੱਲਾਂ ਕੀਤੀਆਂ । ਇਹ ਅਨੁਵਾਦ ਗਲਤੀਆਂ ਭਰਿਆ ਸੀ, ਜਿਸਦਾ ਸਿੱਖਾਂ ਨੇ ਵਿਰੋਧ ਕੀਤਾ । ਇਸ ਤੋਂ ਪ੍ਰੇਰਿਤ ਹੋ ਕੇ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣਿਕ ਟੀਕਾ ਤਿਆਰ ਕਰਨ ਦਾ ਕਾਰਜ ਪ੍ਰਸਿੱਧ ਵਿਦਵਾਨ ਗਿਆਨੀ ਬਦਨ ਸਿੰਘ ਨੂੰ ਸੌਂਪਿਆ । ਉਹਨਾਂ ਨੇ 1877 ਈ: ਵਿੱਚ ਇਹ ਮਹਾਨ ਕਾਰਜ ਆਰੰਭ ਕੀਤਾ ਤੇ 1883 ਈ: ਵਿੱਚ ਸੰਪੰਨ ਕੀਤਾ । ਇਸ ਟੀਕੇ ਦੀ ਸੁਧਾਈ ਉਸ ਵੇਲੇ ਦੇ ਪ੍ਰਸਿੱਧ ਵਿਦਵਾਨਾਂ ਨੇ ਕੀਤੀ ਅਤੇ ਫਿਰ ਇਹ ਟੀਕਾ ਪ੍ਰਕਾਸ਼ਿਤ ਹੋਇਆ । ਇਸ ਟੀਕੇ ਦੀਆਂ ਚਾਰ ਜਿਲਦਾਂ ਸਨ, ਜੋ ਗੁਰਦੁਆਰਿਆਂ ਵਿੱਚ ਮੁਫ਼ਤ ਭੇਜੀਆਂ ਗਈਆਂ ਅਤੇ ਇਹ ਟੀਕਾ ‘ਫ਼ਰੀਦਕੋਟੀ ਟੀਕੇ’ ਦੇ ਨਾਂ ਨਾਲ ਮਸ਼ਹੂਰ ਹੋਇਆ ।