ਸਿੱਖ ਧਰਮ ਵਿਚ ਸ਼ਸਤ੍ਰ ਕਲਾ ਚੜ੍ਹਦੀ ਕਲਾ ਅਤੇ ਧੁਰੋਂ ਮਨਜ਼ੂਰ ਹੋਈ ਮਨੁੱਖੀ ਅਜ਼ਾਦੀ ਦੀ ਰੱਖਿਆ ਲਈ ਇਕ ਬੁਲੰਦ ਇਤਿਹਾਸਕ ਰਵਾਨਗੀ ਦਾ ਅਲੌਕਿਕ ਸਫ਼ਰ ਹੈ । ਗੁਰੂ ਸਾਹਿਬ ਦੇ ਸ਼ਸਤ੍ਰ, ਇਤਿਹਾਸ ਦੱਸਦਾ ਹੈ ਕਿ ਬਾਦਸ਼ਾਹਾਂ ਦੇ ਸ਼ਸਤ੍ਰਾਂ ਨੂੰ ਵੀ ਮਾਤ ਪਾਉਂਦੇ ਸਨ । ਏਨੇ ਖ਼ੂਬਸੂਰਤ ਤੇ ਇੰਨੇ ਫ਼ੌਲਾਦੀ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਸੀ । ਤਖ਼ਤ ਸਾਹਿਬਾਨ ਤੇ ਹੋਰ ਇਤਿਹਾਸਕ ਥਾਵਾਂ ’ਤੇ ਪਈਆਂ ਇਸ ਗੌਰਵਮਈ ਵਿਰਸੇ ਦੀਆਂ ਅਮੋਲਕ ਨਿਸ਼ਾਨੀਆਂ ਨੂੰ ਲੇਖਿਕਾ ਨੇ ਲੰਬੀ ਘਾਲਣਾ ਘਾਲ ਕੇ ਇਸ ਪੁਸਤਕ ਰਾਹੀਂ ਪ੍ਰਸਤੁਤ ਕੀਤਾ ਹੈ । ਇਹ ਪੁਸਤਕ ਸਿੱਖ ਸ਼ਸਤ੍ਰਾਂ ਦੀਆਂ ਜਿਥੇ ਅਨੇਕ ਕਿਸਮਾਂ ਦੀਆਂ ਸ਼ਕਲਾਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ, ਉਥੇ ਇਹਨਾਂ ਸ਼ਸਤ੍ਰਾਂ ਪ੍ਰਤੀ ਇਕ ਵਿਲੱਖਣ ਦ੍ਰਿਸ਼ਟੀਕੋਣ ਨੂੰ ਵੀ ਉਭਾਰ ਰਹੀ ਹੈ ਕਿ ਇਨ੍ਹਾਂ ਸ਼ਸਤ੍ਰਾਂ ਨੂੰ ਧਰਤੀ ’ਤੇ ਇਨਸਾਫ਼, ਦਇਆ ਅਤੇ ਉਪਕਾਰ ਦੀ ਗੁਰੂ ਬਖ਼ਸ਼ਿਸ਼ ਦੇ ਪ੍ਰਸੰਗ ਵਿਚ ਵੇਖਿਆਂ ਹੀ ਇਹਨਾਂ ਦੀ ਅਸਲ ਮਹੱਤਤਾ ਦਾ ਅਹਿਸਾਸ ਹੋ ਸਕਦਾ ਹੈ ।