ਸਾਹਿਤ ਚਿੰਤਨ ਦੀ ਦੁਨੀਆ ਵਿਚ ਡਾ. ਹਰਿਭਜਨ ਸਿੰਘ ਦਾ ਵਿਸ਼ੇਸ਼ ਸਥਾਨ ਹੈ । ਉਨ੍ਹਾਂ ਨੇ ਸਾਹਿਤ ਸਿੱਧਾਂਤ ਤੋਂ ਇਲਾਵਾ ਮੱਧਕਾਲੀਨ ਅਤੇ ਆਧੁਨਿਕ ਪੰਜਾਬੀ ਸਾਹਿਤ ਸੰਬੰਧੀ ਵੀ ਆਪਣੀਆਂ ਮੌਲਿਕ ਧਾਰਨਾਵਾਂ ਪੇਸ਼ ਕੀਤੀਆਂ ਹਨ । ਉਨ੍ਹਾਂ ਦੇ ਸਾਹਿਤ ਸਿੱਧਾਂਤ ਅਤੇ ਸਮੀਖਿਆ ਵਿਚ ਸਾਹਿਤ ਦੀ ਸਾਹਿਤਕਤਾ ਨੂੰ ਕੇਂਦਰੀ ਸਥਾਨ ਹਾਸਲ ਹੈ । ਪੰਜਾਬੀ ਚਿੰਤਨ ਤੇ ਸਮੀਖਿਆ ਨੂੰ ਵਿਸ਼ਵ ਪੱਧਰ ਉਪਰ ਚਲ ਰਹੇ ਗਿਆਨ ਅਤੇ ਮਾਰਮਿਕ ਸੰਕਲਪਾਂ ਨਾਲ ਜੋੜਣ ਦੀ ਪਹਿਲ ਡਾ. ਹਰਿਭਜਨ ਸਿੰਘ ਨੇ ਹੀ ਕੀਤੀ । ਸਾਹਿਤ ਰਚਨਾਵਾਂ ਦੀ ਸਾਹਿਤਕਤਾ ਦੀ ਪਛਾਣ ਲਈ ਉਨ੍ਹਾਂ ਵਲੋਂ ਸਾਹਿਤ ਦੀ ਖੁਦਮੁਖ਼ਤਾਰ ਹੋਂਦ ਨੂੰ, ਉਸਦੀ ਰੂਪਾਤਮਕ ਇਕਾਈ ਨੂੰ ਅਤੇ ਵਸਤੂ ਤੇ ਰੂਪ ਦੀ ਅਦੈਤ ਨੂੰ ਦਿੱਤਾ ਗਿਆ ਮਹੱਤਵ ਵਰਣਨਯੋਗ ਹੈ । ਪੰਜਾਬੀ ਸਮੀਖਿਆ ਦੀ ਬੁਨਿਆਦੀ ਲੋੜ ਸੀ ਆਲੋਚਨਾਤਮਕ ਮੁਹਾਵਰੇ ਅਤੇ ਆਲੋਚਨਾ-ਭਾਸ਼ਾ ਦੀ ਸਿਰਜਣਾ । ਇਸ ਲੋੜ ਨੂੰ ਪੂਰਿਆਂ ਕਰਨ ਵਿਚ ਉਨ੍ਹਾਂ ਦੇ ਸਿੱਧਾਂਤ-ਚਿੰਤਨ ਨੇ ਵਿਸ਼ੇਸ਼ ਕਿਰਦਾਰ ਅਦਾਅ ਕੀਤਾ ਹੈ । ਸਾਹਿਤ ਰਚਨਾਵਾਂ ਦੀ ਸੰਰਚਨਾ ਦੇ ਧੁਰ-ਡੂੰਘ ਤਕ ਅਪੜਣ ਜਾਂ ਰਚਨਾ ਦੀ ਵਿਰਚਨਾ ਰਾਹੀਂ ਉਸਦੇ ਸੰਰਚਨਾਤਮਕ ਨੇਮਾਂ ਨੂੰ ਸਾਹ੍ਹਣੇ ਲਿਆਉਣ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ ।