ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ । ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ਼ ਦਿਸ ਆਉਂਦਾ ਹੈ । ਇਹ ਪੰਜਾਬੀ ਸਭਿਆਚਾਰ ਦਾ ਦਰਪਣ ਹੈ । ਇਹ ਐਨੀਆਂ ਸੁਹਜ ਭਰਪੂਰ, ਅਦਭੁੱਤ, ਰਸੀਲੀਆਂ ਅਤੇ ਵੰਨ ਸੁਵੰਨੀਆਂ ਹਨ ਕਿ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ । ਮਨੁੱਖੀ ਸਰੀਰ ਦੇ ਅੰਗਾਂ, ਪ੍ਰਕਿਰਤੀ, ਬਨਸਪਤੀ, ਜੀਵ ਜੰਤੂਆਂ, ਘਰੇਲੂ ਵਸਤਾਂ, ਭਿੰਨ-ਭਿੰਨ ਧੰਦਿਆਂ ਨਾਲ ਸੰਬੰਧਿਤ ਸੰਦਾਂ ਅਤੇ ਵਿਗਿਆਨਕ ਕਾਢਾਂ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ । ਪੰਜਾਬੀ ਨੁਝਾਰਤਾਂ ਸਾਹਿਤ, ਇਤਿਹਾਸ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਤੀ ਤੋਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ । ਇਹਨਾਂ ਵਿੱਚ ਸਦੀਆਂ ਪੁਰਾਣੇ ਪੰਜਾਬ ਦੇ ਇਤਿਹਾਸਕ ਅਤੇ ਸਭਿਆਚਾਰਕ ਤੱਤ ਸਮੋਏ ਹੋਏ ਹਨ ।