ਸਮਾਜਕ ਵਿਗਿਆਨ ਨਾਲ ਸਬੰਧਤ ਵਿਸ਼ਿਆਂ ਦੇ ਨਾਲ ਨਾਲ ਵਿਗਿਆਨ ਦੇ ਹੋਰ ਖੇਤਰਾਂ ਵਿਚ ਵਿਕਸਤ ਹੋ ਰਹੇ ਅਜੋਕੇ ਗਿਆਨ ਅਤੇ ਜਾਣਕਾਰੀ ਆਮ ਜਨਤਾ ਤਕ ਪਹੁੰਣਾਉਣ ਦੀ ਖਾਤਰ ਸਭ ਖੋਜਾਰਥੀਆਂ ਲਈ ਪੰਜਾਬੀ ਭਾਸ਼ਾ ਅਤੇ ਵਿਗਿਆਨ ਦੀ ਜਾਣ ਪਛਾਣ ਜਰੂਰੀ ਹੈ । ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਅਧਿਐਨ ਇਕ ਚੌਣਵੇਂ ਵਿਸ਼ੇ ਵਜੋਂ ਨਹੀਂ ਕੀਤਾ ਉਹਨਾਂ ਨੂੰ ਧਿਆਨ ਵਿਚ ਰੱਖਕੇ ਹਥਲੀ ਪੁਸਤਕ ਦੀ ਰਚਨਾ ਅਤੇ ਪਰਕਾਸ਼ਨ ਕੀਤਾ ਗਿਆ ਸੀ । ਇਸ ਦਾ ਪਹਿਲਾ ਐਡੀਸ਼ਨ ਵਿਦਿਆਰਥੀਆਂ ਵਲੋਂ ਪਸੰਦ ਕੀਤਾ ਗਿਆ । ਦੂਜੇ ਐਡੀਸ਼ਨ ਦੀ ਤਿਆਰੀ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਭਾਸ਼ਾ ਵਿਗਿਆਨ ਅਤੇ ਪੰਜਾਬੀ ਵਿਆਕਰਨ ਦੇ ਖੇਤਰ ਵਿਚ ਹੋਈਆਂ ਨਵੀਆਂ ਖੋਜਾਂ ਅਨੁਸਾਰ ਸਮੱਗਰੀ ਵਿਚ ਲੋੜ ਅਨੁਸਾਰ ਸੋਧ ਕਰ ਲਈ ਜਾਵੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਆਪਸੀ ਸੰਬੰਧਾ ਬਾਰੇ ਇਕ ਲੇਖ ਇਸ ਐਡੀਸ਼ਨ ਵਿਚ ਸ਼ਮਾਲ ਕੀਤਾ ਗਿਆ ਹੈ । ਸ਼ਬਦ ਜੋੜਾਂ ਸੰਬੰਧੀ ਲੇਖ ਦੀ ਥਾਂ ਯੂਨੀਵਰਸਿਟੀ ਵਲੋਂ ਪਰਵਾਨਤ ਨਵੀਂ ਨੀਤੀ ਅਨੁਸਾਰ ਸ਼ਬਦ ਜੋੜਾਂ ਦੇ ਜੋ ਨਿਸ਼ਚਤ ਕੀਤੇ ਗਏ ਹਨ ਉਹਨਾਂ ਉੱਪਰ ਆਧਾਰਤ ਲੇਖ ਸ਼ਾਮਲ ਕੀਤਾ ਗਿਆ ਹੈ । ਹਾਲ ਦੀ ਘੜੀ ਨਵੇਂ ਨੇਮਾਂ ਅਨੁਸਾਰ ਸ਼ਬਦ ਜੋੜਾਂ ਨੂੰ ਬਦਲਿਆ ਨਹੀਂ ਗਿਆ । ਪਾਠਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਇਹ ਪੁਸਤਕ ਲਾਹੇਵੰਦ ਹੋਵੇਗੀ ।