ਇਸ ਪੁਸਤਕ ਵਿਚ ਗਿਆਰਾਂ ਧਾਰਮਿਕ ਵਿਅਕਤੀਆਂ ਦੀ ਸੰਖੇਪ ਜੀਵਨ ਕਥਾ ਅਤੇ ਉਨ੍ਹਾਂ ਦੇ ਪ੍ਰਚਾਰੇ ਹੋਏ ਧਰਮਾਂ ਦੇ ਨਿਯਮਾਂ ਦਾ ਕੁਝ ਗਿਆਨ ਅੰਕਿਤ ਕੀਤਾ ਹੋਇਆ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਇਸ ਸੰਗ੍ਰਹਿ ਵਿਚ ਛੋਹੇ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਗਟ ਹੋਣ ਦੇ ਯੁੱਗ ਅਨੁਸਾਰ ਕ੍ਰਮ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਨੌਂ ਤਾਂ ਭਾਰਤ ਦੀ ਧਰਤੀ ਉਪਰ ਪ੍ਰਗਟੇ ਅਤੇ ਦੋ, ਪ੍ਰਭੂ ਯਿਸੂ ਮਸੀਹ ਅਤੇ ਹਜ਼ਰਤ ਮੁਹੰਮਦ ਸਾਹਿਬ ਭਾਰਤ ਤੋਂ ਬਾਹਰਲੇ ਦੇਸ਼ਾਂ ਨਾਲ ਸੰਬੰਧਿਤ ਹਨ। ਪਰ ਇਹਨਾਂ ਦੇ ਪ੍ਰਚਾਰੇ ਹੋਏ ਧਰਮ ਅੱਜ ਵੀ ਸੰਸਾਰ ਦੇ ਇਤਿਹਾਸ ਵਿਚ ਭਾਰੀ ਮਹੱਤਵ ਦੇ ਧਾਰਨੀ ਹਨ, ਅਤੇ ਭਾਰਤ ਵਿਚ ਇਹਨਾਂ ਦੇ ਅਨੁਯਾਈ ਅਤੇ ਸ਼ਰਧਾਲੂ ਕਰੋੜਾਂ ਦੀ ਗਿਣਤੀ ਵਿਚ ਹਨ।