ਕੀਰਤਨ ਤਿੰਨ ਚੀਜ਼ਾਂ ਦਾ ਸੁਮੇਲ ਹੈ – ਫਲਸਫਾ, ਕਾਵਿ-ਰਚਨਾ ਅਤੇ ਸੰਗੀਤ । ਇਹ ਇਕ ਅਨੋਖਾ ਮੇਲ ਹੈ, ਜੋ ਕਿਸੇ ਧਰਮ ਵਿਚ ਘੱਟ ਹੀ ਮਿਲਦਾ ਹੈ । ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿਚ ਵਿਉਂਤਬੱਧ ਕਰ ਕੇ ਸੰਗੀਤ ਨੂੰ ਅਜਿਹੇ ਸਾਧਨ ਵਜੋਂ ਵਰਤਿਆ ਗਿਆ ਹੈ, ਜੋ ਮਨ ਨੂੰ ਇਕਾਗਰ ਕਰਨ ਵਿਚ ਸਹਾਈ ਹੋਵੇ ਅਤੇ ਆਤਮਾ ਨੂੰ ਬੁਲੰਦੀਆਂ ਵੱਲ ਪ੍ਰੇਰੇ । ਗੁਰਮਤਿ ਸੰਗੀਤ ਬਾਣੀ ਦਾ ਅਨਿੱਖੜਵਾਂ ਅੰਗ ਹੈ, ਜਿਸ ਉਪਰ ਮੁਹਾਰਤ ਪਾਉਣ ਲਈ ਲੰਬਾ ਸਮਾਂ ਕਰੜੀ ਘਾਲਣਾ ਘਾਲਣੀ ਪੈਂਦੀ ਹੈ । ਗੁਰੂ-ਘਰ ਦੇ ਰਾਗੀ ਸਿੰਘ ਤਾਂ ਬਹੁਤ ਹਨ, ਪਰ ਸਿੰਘਣੀਆਂ ਦੇ ਜਥੇ ਵਿਰਲੇ ਹੀ ਹਨ । ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਪਥ-ਪ੍ਰਦਰਸ਼ਕ ਕਾਰਜ ਕਰਦਿਆਂ ਬੜੀ ਮਿਹਨਤ ਨਾਲ ਸਿੱਖ ਇਸਤਰੀ ਕੀਰਤਨਕਾਰਾਂ ਦੀ ਸੂਚੀ, ਵੇਰਵੇ ਸਹਿਤ ਸੰਗਤ ਦੇ ਰੂ-ਬ-ਰੂ ਕਰ ਰਹੇ ਹਨ ।