ਜਲ੍ਹਿਆਂ ਵਾਲਾ ਬਾਗ਼, ਅੰਗਰੇਜ਼ੀ ਨੀਤੀ ਅਤੇ ਹਿੰਦੋਸਤਾਨੀਆਂ ਵਿਚਕਾਰ ਟੱਕਰ ਦਾ ਸਿੱਟਾ ਸੀ। ਮਾਰਚ, ਅਪ੍ਰੈਲ 1919 ਵਿਚ ਜਿਹੜੀਆਂ ਗੜਬੜਾਂ ਹੋਈਆਂ, ਇਸ ਪੁਸਤਕ ਦਾ ਮਨੋਰਥ ਉਨ੍ਹਾਂ ਦਾ ਪਿਛੋਕੜ ਪੇਸ਼ ਕਰਨਾ ਹੈ। ਇਸ ਵਾਸਤੇ ਉਨ੍ਹਾਂ ਘਟਨਾਵਾਂ ਤੋਂ ਪਹਿਲਾਂ ਦੀਆਂ ਅੰਗਰੇਜ਼ੀ ਨੀਤੀਆਂ ਅਤੇ ਲੋਕ ਰਾਏ ਉਪਰ ਪੈਣ ਵਾਲੇ ਉਨ੍ਹਾਂ ਦੇ ਪ੍ਰਭਾਵਾਂ ਦੀ ਵੀ ਖੋਜ ਪਰਖ ਕਰਨਾ ਹੈ। ਇਸ ਦਾ ਨਿਸ਼ਾਨਾ ਇਹ ਵੀ ਲੱਭਣਾ ਹੈ ਕਿ ਮੁਖੀ ਐਕਟਰਾਂ ਨੇ ਆਪਣੇ ਆਪਣੇ ਜ਼ੁੰਮੇ ਲਾਏ ਗਏ ਪਾਰਟਾਂ ਨੂੰ ਕਿਵੇਂ ਨਿਭਾਇਆ। ਇਉਂ ਇਸ ਪੁਸਤਕ ਵਿਚ ਕਤਲਾਮ ਨੂੰ ਕੇਵਲ ਬਿਆਨ ਹੀ ਨਹੀਂ ਕੀਤਾ ਗਿਆ, ਸਗੋਂ ਉਸ ਤੋਂ ਪਹਿਲਾਂ ਦੀਆਂ ਘਟਨਾਵਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਵੀ ਘੋਖਿਆ ਗਿਆ ਹੈ।