ਦਲੀਪ ਕੌਰ ਟਿਵਾਣਾ ਦੀ ਨਾਵਲ-ਕਲਾ ਜੀਵਨ-ਹੋਂਦ ਦੀ ਅਸਲੀਅਤ ਦੇ ਰਾਜ ਨੂੰ ਢੂੰਡਦੀ ਹੋਈ ਆਪਣੇ ਨੈਣ-ਨਕਸ ਨਿਖਾਰਦੀ ਹੈ । ਜੀਵਨ ਦੇ ਹਜ਼ਾਰਾਂ ਪਹਿਲੂਆਂ ਦੀ ਤ੍ਰਿਖਾ ਇਸੇ ਨੁਕਤੇ ਤੋਂ ਸੁਰੂ ਹੋ ਕੇ ਇਸਦੀ ਸੰਪੂਰਨਤਾ ਦੇ ਕਿਸੇ ਝਲਕਾਰੇ ਉਤੇ ਆਪਣੇ ਆਪ ਨੂੰ ਇਕਾਗਰ ਕਰਦੀ ਹੈ । ਉਸਦਾ ਰਚਨਾਤਮਕ ਉਛਾਲ ਆਪਣਾ ਪ੍ਰਥਮ ਘੇਰਾ ਅਜਿਹੀ ਇਕੱਲ ਜਾਂ ਉਪਰਾਮਤਾ ਵਿਚ ਨਿਸਚਿੱਤ ਕਰਦਾ ਹੈ, ਜਿਹੜੀ ਉਦੋਂ ਦ੍ਰਿਸ਼ਟੀਮਾਨ ਹੁੰਦੀ ਹੈ ਜਦੋਂ ਕਿ ਕਿਸੇ ਵਿਸ਼ੇਸ਼ ਕਾਰਨ ਕਰਕੇ ਮਾਨਵ-ਹੋਂਦ ਦਾ ਕੋਈ ਮੁੱਖ ਪਹਿਲੂ ਅਚਾਨਕ ਜਾਂ ਕਿਸੇ ਤਰਕ-ਨਿਯਮ ਅਨੁਸਾਰ ਆਪਣੇ ਅਰਥ ਗੁਆ ਬੈਠਦਾ ਹੈ, ਜਾਂ ਇੰਜ ਬਾਹਰੋਂ ਜਾਪਦਾ ਹੈ । ਟਿਵਾਣਾ ਦੇ ਨਾਵਲਾਂ ਵਿਚ ਕਦੇ ਵਕਤੀ ਤੌਰ ਉਤੇ ਅਤੇ ਕਦੇ ਪੱਕੇ ਤੌਰ ਉਪਰਾਮਤਾ ਅਤੇ ਇੱਕਲਤਾ ਦੀ ਸੰਘਣੀ ਨਿਰਾਕਾਰਤਾ ਵਿਚ ਵਿਚਰਦੀ ਤ੍ਰਾਸਦੀ ਦਾ ਅਜਿਹਾ ਰੂਪ ਯਕੀਨਨ ਉਭਰਦਾ ਹੈ, ਪਰ ਜੀਵਨ-ਹੋਂਦ ਦੇ ਬਾਹਰੋਂ ਗੁਆਚੇ ਅਰਥਾਂ ਦੇ ਅੰਦਰ ਕਿਸੇ ਮੰਜਿਲ ਵਲ ਵਧਣ ਦੀ ਹਰਕਤ ਕਦੇ ਧੀਮੀ ਸੁਰ ਵਿਚ ਅਤੇ ਕਦੇ ਤੇਜ਼ ਸੁਰ ਵਿਚ ਕਾਇਮ ਰਹਿੰਦੀ ਹੈ ।