ਸੋਰਠ ਬੀਜਾ ਦੀ ਪ੍ਰੀਤ ਕਥਾ ਉੱਤਰੀ ਭਾਰਤੀ ਵਿਚ ਬਹੁਤ ਲੋਕ ਪ੍ਰਿਯ ਤੇ ਪ੍ਰਸਿੱਧ ਸੀ । ਇਹ ਪ੍ਰੇਮ ਕਹਾਣੀ ਰਾਜਸਥਾਨੀ, ਗੁਜਰਾਤੀ, ਮਾਰਵਾੜੀ, ਹਰਿਆਣਵੀ, ਪੰਜਾਬੀ, ਭੋਜਪੁਰੀ ਭਾਸ਼ਾਵਾਂ ਵਿਚ ਲਿਖੀ ਗਈ । ਇਸ ਕਿੱਸੇ ਦੀ ਭੂਗੋਲਿਕ ਕਰਮ ਭੂਮੀ ਰਾਜਸਥਾਨ ਗਿਰਨਾਰ ਪਹਾੜ ਦੀ ਹੈ ਅਤੇ ਇਸ ਦਾ ਇਤਿਹਾਸਿਕ ਕਾਲ 12ਵੀਂ ਸਦੀ ਈ. ਨਾਲ ਸੰਬੰਧ ਰੱਖਦਾ ਹੈ । ਸੋਰਠ ਦਾ ਜੀਵਨ ਕਾਲ 1140-1167 ਈ. ਅਤੇ ਬੀਜੇ ਦਾ ਜੀਵਨ-ਕਾਲ 1145-1167 ਈ. ਤੋਂ ਬਾਅਦ ਦਾ ਹੈ । ਸੋਰਠ ਦਾ ਪਤੀ ਰਾਇ ਖੰਗਾਰ ਦੂਸਰਾ ਜੂਨਾਗੜ੍ਹ ਦਾ ਰਾਜਾ ਸੀ । ਉਸ ਨੇ 1167 ਈ. ਵਿਚ ਇਕ ਚਾਰਣ ਦੇ ਕਹਿਣ ਉੱਤੇ ਆਪਣੇ ਸਿਰ ਦਾ ਦਾਨ ਦੇ ਦਿੱਤਾ ਸੀ । ਰਾਇ ਖੰਗਾਰ ਦਾ ਜਨਮ ਬਾਰਵੀਂ ਸਦੀ ਈ. ਦਾ ਪੂਰਵ ਅੱਧ ਬਣਦਾ ਹੈ । ਹਰ ਬੋਲੀ ਵਿਚ ਲਿਖਤਾਂ ਵਿਚ ਕਹਾਣੀ ਦੇ ਸੂਤਰ ਨੂੰ ਥੋੜ੍ਹਾ ਜਾਂ ਬਹੁਤਾ ਬਦਲ ਦਿੱਤਾ ਗਿਆ ਹੈ ।