1849 ਵਿਚ ਅੰਗਰੇਜ਼ਾਂ ਦਾ ਪੰਜਾਬ ਉਪਰ ਕਬਜ਼ਾ ਹੋਣ ਨਾਲ ਪੰਜਾਬੀ ਸਮਾਜ ਇਕ ਨਿਵੇਕਲੇ ਸਭਿਆਚਾਰ ਦਾ ਸਾਹਮਣਾ ਕਰਦਾ ਹੈ। ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਬਰਤਾਨਵੀ ਹਕੂਮਤ ਦੀ ਦਖਲ ਅੰਦਾਜ਼ੀ ਕਈ ਲਹਿਰਾਂ ਨੂੰ ਜਨਮ ਦਿੰਦੀ ਹੈ ਜਿਵੇਂ ਕੂਕਾ ਲਹਿਰ, ਆਰੀਆ ਸਮਾਜ ਲਹਿਰ,ਖਿਲਫਤ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ ਆਦਿ। ਇਹਨਾਂ ਸਾਰੀਆਂ ਲਹਿਰਾਂ ਦੇ ਸਮਵਿੱਥ ਹੀ ਸਿੰਘ ਸਭਾ ਲਹਿਰ ਦਾ ਉਦਭਵ ਤੇ ਵਿਕਾਸ ਹੋਇਆ। ਇਸ ਲਹਿਰ ਦਾ ਪ੍ਰਭਾਵ ਧਾਰਮਿਕ ਖੇਤਰ ਤੋਂ ਇਲਾਵਾ ਸਮਾਜਿਕ ਅਤੇ ਸਾਹਿਤਿਕ ਖੇਤਰ ਵਿਚ ਵੀ ਵੇਖਿਆ ਜਾ ਸਕਦਾ ਹੈ। ਇਸੇ ਪ੍ਰਭਾਵ ਅਧੀਨ ਬਹੁਤ ਸਾਰਾ ਸਾਹਿਤ ਲਿਖਿਆ ਤੇ ਛਾਪਿਆ ਗਿਆ। ਇਸ ਪੁਸਤਕ ਵਿਚ ਲੇਖਿਕਾ ਨੇ ਇਸ ਪ੍ਰਭਾਵ ਦੀ ਨਿਸ਼ਾਨਦੇਹੀ ਕਰਦਿਆਂ ਉਸ ਸਮੇਂ ਦੇ ਪੱਤਰਾਂ ਵਿਚ ਛਪੇ ਸਾਹਿਤ ਦਾ ਸਰਵੇਖਣ ਤੇ ਮੁਲਾਂਕਣ ਕੀਤਾ ਹੈ।