ਇਹ ਪੁਸਤਕ ਸਿੱਖ ਧਰਮ ਅਧਿਐਨ ਦੇ ਵਿਦਿਆਰਥੀਆਂ, ਗੁਰਮਤਿ-ਪ੍ਰਚਾਰਕਾਂ ਅਤੇ ਸਿੱਖ ਧਰਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਜਗਿਆਸੂ ਪਾਠਕਾਂ ਲਈ ਬੜੀ ਅਹਿਮ ਸਰੋਤ ਹੈ। ਇਹ ਮੁੱਖ ਰੂਪ ਵਿਚ ਦਸ ਗੁਰੂ ਸਾਹਿਬਾਨ ਦੇ ਜੀਵਨ ਤੇ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕੀ ਵੇਰਵਿਆਂ, ਸਿੱਖ ਇਤਿਹਾਸ ਅਤੇ ਜੀਵਨ-ਜਾਚ ਸਬੰਧੀ ਤੱਥਮੂਲਕ ਜਾਣਕਾਰੀ ਦਾ ਅਤਿ ਮਹੱਤਵਪੂਰਨ ਸੰਗ੍ਰਹਿ ਹੈ। ਲੇਖਕ ਨੇ ਪੁਸਤਕ ਵਿਚਲੇ ਗਿਆਨ ਨੂੰ ਪ੍ਰਸ਼ਨੋਤਰੀ ਸ਼ੈਲੀ ਵਿਚ ਉਲੀਕਿਆ ਹੈ। ਪ੍ਰਸ਼ਨ-ਉੱਤਰਾਂ ਦੇ ਰੂਪ ਵਿਚ ਸਿਰਜੀ ਇਹ ਗਿਆਨਮਈ ਚਰਚਾ ਪੁਸਤਕ ਦੇ ਆਦਿ ਤੋਂ ਅੰਤ ਤੱਕ ਜਗਿਆਸਾ ਅਤੇ ਰੌਚਕਤਾ ਦੇ ਪ੍ਰਵਾਹ ਨੂੰ ਬਣਾਈ ਰੱਖਦੀ ਹੈ। ਇਸ ਚਰਚਾ ਵਿਚ ਲੇਖਕ ਨੇ ਸਿੱਖ ਧਰਮ ਦੇ ਜਗਿਆਸੂ ਵਿਦਿਆਰਥੀ ਦੇ ਮਨ ਵਿੱਚ ਉਪਜਣ ਵਾਲੇ ਲਗਭਗ ਸਾਰੇ ਮੂਲ ਸੰਭਾਵੀ ਪ੍ਰਸ਼ਨਾਂ ਨੂੰ ਸਮੇਟਣ ਦਾ ਯਤਨ ਕੀਤਾ ਹੈ।