ਲੇਖਕ ਨੇ ਇਸ ਪੁਸਤਕ ਵਿਚ ਸਭ ਤੋਂ ਪਹਿਲਾਂ ਮਨੁੱਖ ਦਾ ਜੀਵਨ ਆਦਰਸ਼ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਧਰਮ ਪਰੰਪਰਾ ਵਿਚ ਜੀਵਨ ਆਦਰਸ਼ ਦਾ ਸਰੂਪ ਕੀ ਹੈ? ਇਸ ਦੇ ਆਧਾਰ ਤੇ ਸਿੱਖ ਧਰਮ ਚਿੰਤਨ ਵਿਚ ਪ੍ਰਾਪਤ ਉਸ ਆਦਰਸ਼ ਦੀ ਗੱਲ ਵੀ ਕੀਤੀ ਹੈ, ਜਿਸ ਨਾਲ ਮਾਨਵ-ਮੁਕਤੀ ਦੀਆਂ ਸੰਭਾਵਨਾਵਾਂ ਸਾਹਮਣੇ ਲਿਆਂਦੀਆਂ ਜਾ ਸਕਦੀਆਂ ਹਨ। ਲੇਖਕ ਨੇ ਗੁਰਬਾਣੀ ਵਿਚੋਂ ਉਹ ਸਾਰੇ ਸਰੋਤ, ਸਰੋਕਾਰ ਅਤੇ ਆਧਾਰ ਇਸ ਪੁਸਤਕ ਵਿਚ ਵੇਰਵੇ ਸਹਿਤ ਬਿਆਨ ਕੀਤੇ ਹਨ, ਜਿਨ੍ਹਾਂ ਨਾਲ ਸਿੱਖ ਧਰਮ ਦਾ ਸੁਤੰਤਰ ਯੋਗਦਾਨ ਸਪਸ਼ਟ ਹੋ ਸਕਦਾ ਹੈ। ਲੇਖਕ ਨੇ ਅੰਤਿਕਾ ਵਿਚ ਇਸ ਸਾਰੀ ਪੁਸਤਕ ਦਾ ਨਤੀਜਾ ਵੀ ਕੱਢ ਦਿਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਆਦਰਸ਼ਕ ਮਨੁੱਖ ਦੀਆਂ ਪ੍ਰਾਪਤ ਸਿੱਖ ਪਿਰਤਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ। ਇਹ ਪੁਸਤਕ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਲਾਹੇਵੰਦੀ ਸਾਬਤ ਹੋਵੇਗੀ।