ਇਸ ਪੁਸਤਕ ਨੂੰ ਸ਼ਬਦਾਰਥ ਅਧਿਐਨ ਲਈ ਦੋ ਮੁਖ ਭਾਗਾਂ ਵਿਚ ਵੰਡਿਆ ਗਿਆ ਹੈ। ਭਾਗ ਪਹਿਲਾ (ੳ) ‘ਇਤਿਹਾਸ’ ਨਾਲ ਸੰਬੰਧਿਤ ਹੈ। ਇਸ (ੳ) ਭਾਗ ਵਿਚਲੇ ਪਹਿਲੇ ਅਧਿਆਇ ਰਾਹੀਂ ਉਸ ਸਮਕਾਲ, ਪਿਛੋਕੜ ਤੇ ਸਾਹਿਤਕ ਹਾਲਾਤ ਦੀ ਸੰਖੇਪ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਗ (ੳ) ਦੇ ਦੂਜੇ ਅਧਿਆਇ ਵਿਚ ਸ਼ਬਦਾਰਥ ਦੇ ਇਤਿਹਾਸਕ ਪੜਾਅ ਦੀ ਨਿਸ਼ਾਨਦੇਹੀ ਕਰਨ ਲਈ, ਬਾਣੀ-ਵਿਆਖਿਆਕਾਰੀ ਦੇ ਮੁਢ ਤੋਂ ਸ਼ਬਦਾਰਥ ਤਕ ਦੇ ਸਫਰ ਬਾਰੇ ਅਤਿ-ਸੰਖੇਪ ਵੇਰਵਾ ਚਿਤਰਿਆ ਹੈ ਤੇ ਨਾਲ ਹੀ ‘ਗੁਰ ਸੇਵਕ ਸਭਾ’, ਜਿਸ ਸਭਾ ਦੀ ਬਦੌਲਤ ਇਸ ਕਾਰਜ ਦਾ ਨਿਰਮਾਣ ਹੋਇਆ, ਬਾਰੇ ਸੰਖੇਪ ਵੇਰਵਾ ਹੈ। ਭਾਗ ਦੂਜਾ (ਅ) ਸ਼ਬਦਾਰਥ ਦੇ ‘ਮੁਲੰਕਣ’ ਨਾਲ ਸੰਬੰਧਿਤ ਹੈ। ਇਸ ਵਿਚ ਸ਼ਬਦਾਰਥ ਦੇ ਵਿਆਖਿਆਤਮਕ ਸਰੂਪ ਨੂੰ ਜਾਣਨ ਤੋਂ ਪਹਿਲਾਂ ਵਿਆਖਿਆ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।