ਇਹ ਪੁਸਤਕ ਸ੍ਰੀ ਕ੍ਰਿਸ਼ਨ ਅਦੀਬ ਨੇ ਸਾਹਿਰ ਲੁਧਿਆਣਵੀ ਬਾਰੇ ਮੂਲ ਰੂਪ ਵਿਚ ਉਰਦੂ ਵਿਚ ਲਿਖੀ ਸੀ । ਇਸ ਨੂੰ ਅਜਾਇਬ ਚਿਤ੍ਰਕਾਰ ਤੋਂ ਪੰਜਾਬੀ ਵਿਚ ਅਨੁਵਾਦ ਕਰਵਾਇਆ ਗਿਆ ਹੈ । ਸਾਹਿਰ ਪੰਜਾਬ ਦਾ ਪ੍ਰਮੁੱਖ ਉਰਦੂ ਲੇਖਕ ਹੈ ਜਿਸ ਨੇ ਚਾਰ ਕਾਵਿ-ਸੰਗ੍ਰਹਿਆਂ ਰਾਹੀਂ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ । ਭਾਵੇਂ ਉਹ ਮੂਲ ਰੂਪ ਵਿਚ ਪਿਆਰ ਦਾ ਕਵੀ ਸੀ ਪਰ ਜੀਵਨ ਦੀਆਂ ਤਲਖੀਆਂ ਨੇ ਉਸ ਨੂੰ ਤਨਾਉ ਦਾ ਕਵੀ ਬਣਾ ਦਿੱਤਾ ਅਤੇ ਆਪਣੇ ਮਨ ਦੀ ਆਵਾਜ਼ ਨੂੰ ਹੀ ਕਵਿਤਾ ਰਾਹੀਂ ਪ੍ਰਗਟਾਉਂਦਾ ਰਿਹਾ, ਕਿਤੇ ਵੀ ਉਸ ਨੇ ਸਮਝੌਤਾ ਨਹੀਂ ਕਿਤਾ । ਉਹ ਕਿਉਂਕਿ ਸ਼ੁਰੂ ਤੋਂ ਹੀ ਤਰੱਕੀ –ਪਸੰਦ ਲਹਿਰ ਨਾਲ ਜੁੜਿਆ ਹੋਇਆ ਸੀ ਇਸ ਲਈ ਉਸ ਦੀ ਕਵਿਤਾ ਪ੍ਰਗਤੀਵਾਦੀ ਨੁਹਾਰ ਵਾਲੀ ਹੈ । ਉਸ ਨੇ ਸਾਹਸ ਨਾਲ ਸੱਚ ਨੂੰ ਕਹਿਣ ਦੀ ਜੁਰਅਤ ਕੀਤੀ ਹੈ । ਉਸ ਦੀਆਂ ਕਈ ਕਵਿਤਾਵਾਂ ਲੋਕਾਂ ਦੇ ਮੂੰਹ ਚੜ੍ਹੀਆਂ ਹਨ ।