‘ਪ੍ਰਾਣ ਸੰਗਲੀ’ ਯੋਗ ਸਾਧਨਾ ਸੰਬੰਧੀ ਇਕ ਮਹੱਤਵਪੂਰਣ ਰਚਨਾ ਹੈ। ਇਸ ਦਾ ਰਚਨਾ-ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਜੋੜਿਆ ਜਾਂਦਾ ਹੈ ਕਿ ਗੁਰੂ ਜੀ ਨੇ ਇਸ ਦਾ ਉਚਾਰਣ ਸਿੰਗਲਾਦੀਪ ਵਿਚ ਰਾਜੇ ਸ਼ਿਵਨਾਭ ਪ੍ਰਤਿ ਕੀਤਾ ਸੀ ਅਤੇ ਇਹ ਉਸੇ ਪਾਸ ਸੁਰੱਖਿਅਤ ਕਰ ਦਿੱਤੀ ਗਈ ਸੀ। ਗੁਰੁ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਉਚੇਚੇ ਤੌਰ ਤੇ ਆਪਣੇ ਸੇਵਕ ਭੇਜ ਕੇ ਇਸ ਨੂੰ ਸਿੰਗਲਾ-ਦੀਪ ਤੋਂ ਮੰਗਵਾਇਆ ਸੀ। ਪਰ ਇਸ ਦੀ ਘੋਖ ਕਰਨ ਤੋਂ ਬਾਅਦ ਇਸ ਨੂੰ ਅਪਰਮਾਣਿਕ ਬਾਣੀ ਸਮਝ ਕੇ ਬੀੜ ਵਿਚ ਸ਼ਾਮਲ ਕਰਨੋਂ ਛੱਡ ਦਿੱਤਾ ਗਿਆ। ਇਸ ਦੇ ਕੁਝ ਅਧੂਰੇ ਸੰਸਕਰਣ ਪੱਥਰ ਅਤੇ ਮੋਟੇ ਛਾਪੇ ਵਿਚ ਪ੍ਰਕਾਸ਼ਿਤ ਹੋਏ ਸਨ। ਸੰਤ ਸੰਪੂਰਨ ਸਿੰਘ ਨੇ ਦੇਵਨਾਗਰੀ ਲਿਪੀ ਵਿਚ ਵੀ ਇਸ ਦਾ ਸੰਪਾਦਨ ਕੀਤਾ ਸੀ। ਇਸ ਰਚਨਾ ਦੇ ਮਹੱਤਵ ਨੂੰ ਵੇਖਦੇ ਹੋਇਆਂ ਇਸ ਦਾ ਸਹੀ ਢੰਗ ਨਾਲ ਸੰਪਾਦਨ ਕਰਵਾਇਆ ਗਿਆ ਹੈ। ਇਸ ਪ੍ਰਕਾਸ਼ਨ ਨਾਲ ‘ਪ੍ਰਾਣ ਸੰਗਲੀ’ ਵਿਚ ਰੁੱਚੀ ਰਖਣ ਵਾਲੇ ਵਿਦਵਾਨਾਂ ਅਤੇ ਖੋਜੀਆਂ ਨੂੰ ਲਾਭ ਪ੍ਰਾਪਤ ਹੋਵੇਗਾ।