ਲੇਖਕ ਨੇ ਆਪਣੇ ਖੋਜ ਕਾਰਜਾਂ ਰਾਹੀਂ ਸਾਡੇ ਪੁਰਾਣੇ ਵਿਰਸੇ ਨਾਲ ਜੁੜੀ ਸਮੱਗਰੀ ਤੋਂ ਸਾਨੂੰ ਜਾਣੂ ਕਰਵਾਇਆ ਹੈ ਜਿਸਨੂੰ ਨਵੀਂ ਪੀੜ੍ਹੀ ਨੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣੇ ਦੇ ਅਜਾਇਬ ਘਰ ’ਚ ਭਾਵੇਂ ਕਿਤੇ ਵੇਖਿਆ ਹੋਵੇ ਪਰ ਉਹਨਾਂ ਦੇ ਮਹੱਤਵ ਦੀ ਵਿਸਥਾਰ ਪੂਰਵਕ ਵਿਆਖਿਆ ਮਨਜੀਤ ਸਿੰਘ ਘੜੈਲੀ ਨੇ ਇਸ ਪੁਸਤਕ ਵਿਚ ਕੀਤੀ ਹੈ। ਵਸਤੂ ਪੱਖੋਂ ਤਾਂ ਇਹ ਕਿਤਾਬ ਹੈ ਹੀ ਕਮਾਲ ਦੀ, ਸੁਹਜ ਪੱਖੋਂ ਵੀ ਇਸ ਰਚਨਾ ਵਿਚ ਕੋਈ ਉਣਤਾਈ ਨਜ਼ਰ ਨਹੀਂ ਆਉਂਦੀ। ਇਸ ਦਾ ਕਲਾਤਮਿਕ ਪੱਖ ਵੀ ਇਸਦੀ ਮਲਵਈ ਭਾਸ਼ਾ ਕਾਰਨ ਬੇਹਤਰ ਹੀ ਨਹੀਂ ਹੋਇਆ ਸਗੋਂ ਵਾਰਤਾ ਨੂੰ ਲੋਕੋਕਤੀਆਂ, ਮੁਹਾਵਰਿਆਂ, ਸੁਹਾਗ ਦੇ ਗੀਤਾਂ, ਸਿੱਠਣੀਆਂ ਅਤੇ ਲੋਕ ਬੋਲੀਆਂ ਵਿਚ ਗੁੰਦ ਕੇ ਰਸਦਾਰ ਬਣਾ ਧਰਿਆ ਹੈ। ਲੋਕ ਰੰਗ ’ਚ ਰੰਗੀ ‘ਮਹਿਕ ਪੰਜਾਬੀ ਵਿਰਸੇ ਦੀ’ ਪੁਸਤਕ ਪੜ੍ਹਦਿਆਂ ਪਾਠਕ ਪੁਰਾਣੇ ਮਾਖਿਓਂ ਜਿਹਾ ਸੁਆਦ ਮਹਿਸੂਸ ਕਰੇਗਾ।