ਇਹ ਪੁਸਤਕ ਮਸਨਵੀ ਰੂਮ ਦੇ ਪਹਿਲੇ ਦਫਤਰ ਦਾ ਸੁਤੰਤਰ ਪੰਜਾਬੀ ਰੂਪਾਂਤਰ ਹੈ। ਮੌਲਾਨਾ ਜਲਾਲ-ਉਦ-ਦੀਨ ਰੂਮ 13ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸ਼ੇਖ ਬਹਾ-ਉਦ-ਦੀਨ ਦੇ ਘਰ ਪੈਦਾ ਹੋਇਆ। ਕੁਲ ਪਰੰਪਰਾ ਤੋਂ ਉਹ ਅਧਿਆਤਮਿਕ ਚਿੰਤਨ ਨਾਲ ਸੰਬੰਧਿਤ ਅਤੇ ਜੀਵਨਭਰ ਅਧਿਆਤਮਿਕ ਸਾਧਕਾਂ ਦੀ ਸੰਗਤ ਵਿਚ ਰਹਿਣ ਵਾਲਾ ਇਕ ਅਨੁਭਵੀ ਸੂਫੀ ਸਾਧਕ ਸੀ ਜਿਸ ਨੇ ਆਪਣੀ ਸਾਧਨਾ ਅਤੇ ਅਨੁਭੂਤੀ ਦੀ ਅਭਿਵਿਅਕਤੀ ਲਈ ਸਾਹਿੱਤ ਨੂੰ ਸਾਧਨ ਬਣਾਇਆ। ਉਸ ਦੀਆਂ ਰਚਨਾਵਾਂ ਵਿਚੋਂ ਮਸਨਵੀ ਅਧਿਕ ਪ੍ਰਸਿੱਧ ਅਤੇ ਹਰਮਨ ਪਿਆਰੀ ਹੈ। ਇਸ ਵਿਚ ਜੀਵਨ ਦੇ ਅਨੁਭਵ ਅਤੇ ਸੂਫੀ ਸਾਧਨਾ ਦੇ ਅਧਿਆਤਮਿਕ ਤੱਤਾਂ ਨੂੰ ਕਥਾ-ਪ੍ਰਸੰਗਾਂ ਰਾਹੀਂ ਇੰਨੇ ਮਾਰਮਿਕ ਢੰਗ ਨਾਲ ਚਿਤਰਿਆ ਹੈ ਕਿ ਸਰੋਤ/ਪਾਠਕ ਪ੍ਰਭਾਵਿਤ ਅਤੇ ਪ੍ਰੇਰਿਤ ਹੋਏ ਬਿਨਾ ਰਹਿ ਨਹੀਂ ਸਕਦਾ। ਇਸ ਲਈ ਸ਼ਰਧਾ ਦੇ ਪੱਖ ਤੋਂ ਮੁਸਲਮਾਨਾਂ ਵਿਚ ਇਸ ਨੂੰ ਕੁਰਾਨ ਤੋਂ ਬਾਅਦ ਸਥਾਨ ਮਿਲਿਆ ਹੈ। ਇਸ ਪੁਸਤਕ ਵਿਚ ਭਾਈ ਮੰਗੂ ਨੇ ਸ਼ਬਦ ਸ਼ਬਦ ਜਾਂ ਪੰਕਤੀ ਪੰਕਤੀ ਅਨੁਸਾਰ ਅਰਥ ਨਹੀਂ ਕੀਤੇ ਕਿਉਂਕਿ ਉਦ ਦਾ ਉਦੇਸ਼ ਮਸਨਵੀ ਦਾ ਅਨੁਵਾਦ ਕਰਨਾ ਨਹੀਂ ਸਗੋਂ ਇਸ ਨੂੰ ਆਧਾਰ ਬਣਾ ਕੇ ਜਗਿਆਸੂਆਂ ਨੂੰ ਅਧਿਆਤਮਿਕ ਸੰਦੇਸ਼ ਦੇਣਾ ਸੀ। ਇਸ ਦੀ ਵਾਰਤਕ ਬੜੀ ਪ੍ਰਵਾਹਮਈ ਹੈ ਅਤੇ ਪਾਠਕ ਲਈ ਇਕ ਉਚੇਚੀ ਖਿੱਚ ਦਾ ਕਾਰਨ ਬਣੀ ਹੋਈ ਹੈ। ਸੂਫੀ ਸਾਹਿੱਤ ਅਤੇ ਸੇਵਾ ਪੰਥੀ ਸਾਹਿੱਤ ਵਿਚ ਰੁਚੀ ਰਖਣ ਵਾਲੇ ਪਾਠਕ ਇਸ ਪੁਸਤਕ ਤੋਂ ਲਾਭ ਉਠਾਉਣਗੇ।