ਇਹ ਨਾਵਲ ਕਿਆਮਤ, ਅੱਤਵਾਦ ਹੱਥੋਂ ਸਤਾਏ ਲੋਕਾਂ ਦੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਾ ਹੈ । ਆਈ.ਐੱਸ.ਆਈ.ਐੱਸ. ਨਾਮੀਂ ਅੱਤਵਾਦੀ ਜਥੇਬੰਦੀ, 2010 ’ਚ ਇੱਕਦਮ ਦੁਨੀਆਂ ਦੇ ਨਕਸ਼ੇ ’ਤੇ ਉੱਭਰਦਿਆਂ, ਕਿਸ ਤਰ੍ਹਾਂ ਇਰਾਕ ਅੰਦਰ ਲੋਕਾਈ ਦਾ ਘਾਣ ਕਰਦੀ ਹੈ ਤੇ ਘੱਟ ਗਿਣਤੀਆਂ ਦੇ ਖੂਨ ਦੀਆਂ ਨਦੀਆਂ ਵਹਾਉਂਦੀ ਹੈ । ਜਾਜ਼ੀਦੀ ਨਾਮੀਂ ਇੱਕ ਬਹੁਤ ਛੋਟੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕਰਦੀ ਹੈ । ਕਿਵੇਂ ਉਨ੍ਹਾਂ ਦੇ ਪਿੰਡਾਂ ਦੇ ਪਿੰਡ ਕਬਰਸਤਾਨ ਬਣਾ ਕੇ, ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਤੁਰਦੀ ਹੈ । ਇਨ੍ਹਾਂ ਹੀ ਔਰਤਾਂ ’ਚ ਇਕ ਕੁੜੀ ਆਸਮਾ ਹੈ, ਜੋ ਇੰਨਾ ਸਭ ਹੋਣ ’ਤੇ ਵੀ ਹੌਸਲਾ ਨਹੀਂ ਹਾਰਦੀ ਅਤੇ ਆਪਣੀ ਦੀਦਾ-ਦਲੇਰੀ ਨਾਲ ਉਨ੍ਹਾਂ ਦੀ ਕੈਦ ’ਚੋਂ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੀ ਹੈ । ਆਸਮਾ, ਇਸ ਨਾਵਲ ਦੀ ਨਾਇਕਾ ਹੈ ।