ਇਹ ਪੁਸਤਕ ੴ ਬਾਰੇ ਹੈ, ੴ ਦੇ ਪਿਛੋਕੜ, ਵਿਕਾਸ ਅਤੇ ਇਸ ਦੇ ਸੰਕਲਪ ਬਾਰੇ ਹੈ। ੴ, ਗੁਰਬਾਣੀ ਦਾ ਮੂਲ ਹੈ। ਮੂਲ ਮੰਤਰ ਦੇ ਬਾਕੀ ਸੰਕਲਪੀ ਸ਼ਬਦ ਇਸ ਦਾ ਵਿਸਥਾਰ ਹਨ ਅਤੇ ਗੁਰਬਾਣੀ ਵਿਚ ੴ ਅਤੇ ਮੂਲ ਮੰਤਰ ਦਾ ਵਿਸਥਾਰ ਦੇਖਿਆ ਜਾ ਸਕਦਾ ਹੈ, ਇਸ ਲਈ ੴ ਦਾ ਬਹੁਤ ਮਹੱਤਵ ਬਣਦਾ ਹੈ। ੴ ਨਿਰੋਲ ਓਮ ਨਹੀਂ ਸਗੋਂ ਇਸ ਦੇ ਵਿਕਾਸ ਵਿਚ ਨਿਰਗੁਣ ਸੰਕਲਪ ਦੇ ਨਾਲ-ਨਾਲ ਗਿਆਨ ਤੇ ਅਨੁਭਵ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਸ਼ਾਮਲ ਹਨ। ੴ ਦੀ ਸੰਕਲਪ ਸਮਰਥਾ ਇਸੇ ਵਿਚ ਹੈ। ਸੰਕਲਪੀ ਚਿਹਨ ਬਹੁਤ ਡੂੰਘਾ ਹੁੰਦਾ ਹੈ ਤੇ ਉਸਦੇ ਅਰਥ ਦੀਆਂ ਬਹੁਤ ਪਰਤਾਂ ਹੁੰਦੀਆਂ ਹਨ। ਇਸ ਪੁਸਤਕ ਵਿਚ ੴ ਦੀਆਂ ਇਹਨਾਂ ਦ੍ਰਿਸ਼ਟੀਆਂ ਵੱਲ ਸੰਕੇਤ ਕਰਨ ਦੇ ਨਾਲ-ਨਾਲ ਇਸ ਵਿਕਾਸ ਨੂੰ ਦੇਖਣ ਦਾ ਯਤਨ ਵੀ ਕੀਤਾ ਗਿਆ ਹੈ ਅਤੇ ਇਸਦੇ ਸੰਕਲਪੀ ਚਿਹਨ ਨਾਲ ਹੋਰ ਕੀ ਕੁਝ ਸੰਬੰਧਤ ਹੁੰਦਾ ਹੈ, ਉਸ ਵੱਲ ਵੀ ਸੰਕੇਤ ਕਰਨ ਦਾ ਯਤਨ ਕੀਤਾ ਗਿਆ ਹੈ। ੴ, ੴ ਸਤਿਗੁਰ ਪ੍ਰਸਾਦਿ ਅਤੇ ੴ ਵਾਹਿਗੁਰੂ ਜੀ ਕੀ ਫਤਹ ਦੇ ਅੰਗ ਸੰਗ ਹੈ, ਇਸ ਬਾਰੇ ਵੀ ਸੰਖੇਪ ਚਰਚਾ ਕੀਤੀ ਗਈ ਹੈ।