ਮੱਧ-ਕਾਲੀਨ ਪੰਜਾਬੀ ਸਾਹਿਤ ਵਿਚ ‘ਗੁਰਮਤਿ ਕਾਵਿ-ਪਰੰਪਰਾ’ ਦਾ ਇਕ ਵਿਸ਼ੇਸ਼ ਮਹੱਤਵ ਹੈ ਅਤੇ ਗੁਰੂ ਨਾਨਕ ਦੇਵ ਜੀ ਇਸ ਪਰੰਪਰਾ ਦੇ ਮੋਢੀ ਹਨ। ਆਪਣੇ ਕਾਵਿ ਵਿਚ ਆਪ ਨੇ ਜਿਥੇ ਇਕ ਪਾਸੇ ਆਪਣੇ ਸਮਕਾਲੀਨ, ਹੀਣਤਾ ਗ੍ਰਸਥ, ਲਕੀਰ ਦੀ ਫ਼ਕੀਰ, ਨਿਘਰੀ ਹੋਈ ਜਨਤਾ ਨੂੰ ਰਸਾਤਲ ਵਿਚੋਂ ਕੱਢ ਕੇ ਉੱਚਾ ਤੇ ਸੁੱਚਾ ਜੀਵਨ ਜਿਉਣ ਲਈ ਪ੍ਰੇਰਿਆ ਤੇ ਉਭਾਰਿਆ, ਉਥੇ ਦੂਜੇ ਪਾਸੇ ਆਪਣੇ ਰਹੱਸਮਈ ਤੇ ਅਧਿਆਤਮਕ ਅਨੁਭਵਾਂ ਨੂੰ ਬੜੀ ਉੱਚੀ ਸਾਹਿਤਿਕ ਪੱਧਰ ਤੇ ਵਿਅਕਤ ਕੀਤਾ ਹੈ।