ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਸੰਨ 1849 ਵਿਚ ਪੰਜਾਬ ਦੇ ਅੰਗਰੇਜ਼ੀ ਸਮਰਾਜ ਵਿਚ ਸ਼ਾਮਿਲ ਹੋ ਜਾਣ ਨਾਲ ਸਮਾਪਤ ਹੁੰਦਾ ਹੈ। ਉਸ ਦੇ ਅੰਤ ਵਿਚ ਇਕ ਜ਼ਮੀਮਾ, ਅਰਥਾਤ ਅੰਤਕਾ ਦਿੱਤਾ ਗਿਆ ਹੈ। ਇਸ ਅੰਤਕਾ ਵਿਚ ਸਿੱਖ ਰਾਜ ਸਮੇਂ ਪੰਜਾਬ ਦਾ ਭੂਗੋਲ, ਉਸ ਦੇ ਉਘੇ ਸਹਿਰਾਂ ਦਾ ਹਾਲ, 1844 ਵਿਚ ਖਾਲਸਾ ਫੌਜ ਦੀ ਕੁਲ ਗਿਣਤੀ ਆਦਿ ਚੌਖੇ ਵਿਸਤਾਰ ਵਿਚ ਦਿੱਤੇ ਗਏ ਹਨ। ਪੁਸਤਕ ਦੇ ਦੂਜੇ ਭਾਗ ਵਿਚ 1849 ਤੋਂ 1872 ਤਕ ਦੇ ਪੰਜਾਬ ਦੇ ਹਾਲਾਤ ਦਾ ਸੰਖੇਪ ਸਮਾਚਾਰ ਦੇਂਦਾ ਹੈ। ਦੂਜੇ ਭਾਗ ਦੇ ਅੰਤ ਵਿਚ ਵੀ, ਪਹਿਲੇ ਭਾਗ ਵਾਗੂੰ ਇਕ ਜ਼ਮੀਮਾ, ਅਰਥਾਤ ਅੰਤਿਕਾ ਦਿੱਤਾ ਹੋਇਆ ਹੈ ਜਿਸ ਵਿਚ ਕਈ ਮਹੱਤਵਪੂਰਣ ਵਿਸ਼ਿਆਂ ਉੱਤੇ ਉਚੇਚੀ ਰੋਸ਼ਨੀ ਪਾਈ ਗਈ ਹੈ।