ਗਲਪ/ਵਾਰਤਕ ਵਿੱਚ ਬਾਬੇ ਦੀ ਰੂਹਾਨੀ ਸੂਰਤ ਨੂੰ ਚਿਤਰਦਾ ਇਸ ਤਰ੍ਹਾਂ ਦਾ ਇਹ ਪਹਿਲਾ ਨਾਵਲ ਹੈ। ਇਹ ਨਾਵਲ ਸਿਰਫ਼ ਮਰਦਾਨੇ ਦੀ ਕਥਾ ਨਹੀਂ ਹੈ। ਇਹ ਉਸਦੇ ਜੀਵਤ ਸੁਆਸਾਂ ਦੀ ਧੜਕਣ ਹੈ, ਜਿਹੜੇ ਉਸ ਨੇ ਬਾਬੇ ਨਾਲ ਤੁਰਦਿਆਂ ਰੂਹਾਨੀ ਰੰਗਾਂ ਵਿੱਚ ਰੰਗੇ ਗਏ। ਇਸ ਵਿੱਚ ਬਾਬੇ ਦੇ ਹਜ਼ਾਰਾਂ ਮੀਲ ਦੇ ਸਫ਼ਰ ਦੀ ਉਹ ਚਿਣਗ ਵੀ ਹੈ, ਜਿਸ ਵਿੱਚ ਸੱਚ ਨੂੰ ਹਰ ਕਿਸੇ ਕੋਲ ਪਹੁੰਚਾਉਣ ਦੀ ਚੇਸ਼ਟਾ ਸੀ। ਹਜ਼ਾਰਾਂ ਮੀਲਾਂ ਦੇ ਇਸ ਸਫਰ ਨੂੰ ਚਿਤਰਦੇ ਇਸ ਨਾਵਲ ਦੀ ਕਲਾਤਮਿਕ ਇਕਾਗਰਤਾ ਕਮਾਲ ਦੀ ਹੈ।