ਬਾਲ-ਸਾਹਿਤ ਅਤੇ ਬਾਲ-ਸਭਿਆਚਾਰ ਹੁਣ ਲੇਖਕਾਂ, ਬੁੱਧੀਮਾਨਾਂ ਅਤੇ ਵਿਚਾਰਵਾਨਾਂ ਦਾ ਵਧੇਰੇ ਹੀ ਵਧੇਰੇ ਧਿਆਨ ਖਿੱਚ ਰਹੇ ਹਨ। ਇਹ ਇਸੇ ਪ੍ਰਸੰਗ ਵਿਚ ਸੀ ਕਿ ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਬਾਲ-ਸਾਹਿਤ ਅਤੇ ਸਭਿਆਚਾਰ ਬਾਰੇ ਪਹਿਲਾ ਤਿੰਨ-ਦਿਨਾ ਕੌਮੀ ਸੈਮੀਨਾਲ ਜਥੇਬੰਦ ਕੀਤਾ ਗਿਆ। ਇਸ ਵਿਚ ਪੰਜਾਬੀ ਲੇਖਕਾਂ, ਵਿਦਵਾਨਾਂ ਅਤੇ ਬਾਲ-ਪ੍ਰੇਮੀਆਂ ਦੇ ਨਾਲ-ਨਾਲ ਹੋਰ ਕਈ ਭਾਰਤੀ ਭਾਸ਼ਾਵਾਂ ਦੇ ਵਿਦਵਾਨ ਲੇਖਕਾਂ ਨੇ ਆਪਣੇ ਅਮੀਰ ਅਨੁਭਵ ਸਾਂਝੇ ਕੀਤੇ। ਇਹ ਪੁਸਤਕ ਉਸ ਸੈਮੀਨਾਰ ਵਿਖੇ ਪੇਸ਼ ਕੀਤੇ ਗਏ ਪਰਚਿਆਂ ਦਾ ਅਤੇ ਹੋਰ ਸੰਬੰਧਿਤ ਸਮਗਰੀ ਦਾ ਸੰਗ੍ਰਹਿ ਹੈ। ਇਹ ਪੰਜਾਬੀ ਵਿਚ ਬਾਲ-ਸਾਹਿਤ ਅਤੇ ਬਾਲ-ਸਭਿਆਚਾਰ ਦੀਆਂ ਸਮੱਸਿਆਵਾਂ ਬਾਰੇ ਆਪਣੀ ਕਿਸਮ ਦੀ ਬਿਲਕੁਲ ਪਹਿਲੀ ਪੁਸਤਕ ਹੈ। ਇਹ ਬਿਨਾ-ਸ਼ੱਕ, ਇਸ ਵਿਸ਼ੇ ਵਿਚ ਰੁਚੀ ਰੱਖਣ ਵਾਲੇ ਸਭਨਾਂ ਲਈ ਵਢਮੁੱਲੀ ਸਿੱਧ ਹੋਵੇਗੀ ਅਤੇ ਇਸ ਖੇਤਰ ਵਿਚ ਉਹਨਾਂ ਦੀ ਦਿਲਚਸਪੀ ਵਿਚ ਹੋਰ ਵਾਧਾ ਕਰੇਗੀ।