ਇਹ ਪੁਸਤਕ ਸ਼ਾਨਦਾਰ ਅਕਾਲੀ ਮੋਰਚਿਆਂ ਦਾ ਇਤਿਹਾਸ ਅੰਕਿਤ ਕਰਨ ਦਾ ਯਤਨ ਹੈ। ਇਹ ਮੋਰਚੇ ਗੁਰਦੁਆਰਿਆਂ ਦੀ ਆਜ਼ਾਦੀ ਹਾਸਲ ਕਰਨ ਲਈ 1919 ਤੋਂ ਲੈ ਕੇ 1926 ਤਕ ਲੜੇ ਗਏ। ਆਵਾਜ਼ ਪਹਿਲੀ ਜਗਤ ਜੰਗ ਤੋਂ ਵੀ ਪਹਿਲੋਂ ਤੋਂ ਉਠਾਈ ਜਾ ਰਹੀ ਸੀ। ਲੜਾਈ ਅਸਲ ਵਿਚ ਬਦਕਾਰ, ਵਿਸ਼ੱਈ ਅਤੇ ਦੁਰਾਚਾਰੀ ਮਹੰਤਾਂ ਦੇ ਖਿਲਾਫ ਸੀ। ਪਰ ਇਹ ਮਹੰਤ ਅੰਗਰੇਜ਼ ਰਾਜ ਦੇ ਪਿੱਠੂ ਤੇ ਹੱਥ ਠੋਕੇ ਸਨ ਅਤੇ ਧਰਮ ਨੂੰ ਅੰਗਰੇਜ਼ ਰਾਜ ਦੀ ਮਜ਼ਬੂਤੀ ਲਈ ਵਰਤੀਣ ਵਿਚ ਸਹਾਈ ਹੁੰਦੇ ਸਨ, ਇਸ ਲਈ ਅੰਗਰੇਜ਼ ਹਾਕਮ ਮਹੰਤਾਂ ਦੀ ਪਿੱਠ ਤੇ ਖਲੋ ਗਏ ਅਤੇ ਕਾਨੂੰਨ ਤੇ ਲੱਗ ਪਏ – ਸੁਭਾਵਿਕ ਸੀ ਕਿ ਮੋਰਚਿਆਂ ਦਾ ਮੂੰਹ ਅੰਗਰੇਜ਼ ਸਾਮਰਾਜ ਵਿਰੁਧ ਹੋ ਜਾਂਦਾ। ਪੁਸਤਕ ਵਿਚ ਬਰਿਟਿਸ਼ ਸਾਮਰਾਜ ਦਾ ਰੋਲ ਬੜਾ ਉਭਾਰ ਕੇ ਪੇਸ਼ ਕੀਤਾ ਹੈ ਅਤੇ ਅੰਗਰੇਜ਼ ਹਾਕਮਾਂ ਦੀਆਂ ਕੁਟਲ ਨੀਤੀਆਂ, ਚਾਲਾਂ ਕੁਚਾਲਾਂ, ਫੁੱਟ ਪਾਣ ਦੀਆਂ ਕਰਤੂਤਾਂ ਅਤੇ ਆਪਣੇ ਹਮਾਇਤੀਆਂ ਤੇ ਅੱਧ-ਹਮਾਇਤੀਆਂ ਨੂੰ ਉੱਤੇ ਲਿਆਉਣ ਦੀਆਂ ਸਾਜ਼ਸ਼ਾਂ ਨੂੰ ਚੰਗੀ ਤਰ੍ਹਾਂ ਨੰਗਾ ਤੇ ਨਸ਼ਰ ਕੀਤਾ ਹੈ।